Monday, May 20, 2019

ਗ਼ਜ਼ਲ


ਮਜਲਿਸਾਂ  ਅੰਦਰ  ਜਦੋਂ  ਮਸਲੇ  ਉਠਾਏ ਜਾਣਗੇ 
 ਆਪਣੀ  ਹਉਮੇ  ਦੇ  ਫਿਰ  ਝੰਡੇ  ਝੁਲਾਏ ਜਾਣਗੇ

ਸੋਚ ਦਾ ਦੀਵਾ ਤਾਂ ਜਗਦਾ ਰੱਖ ਸਕੇ ਨਾ ਰਾਤ ਭਰ 

ਸ਼ਾਇਰੀ  ਅੰਦਰ  ਕਈ  ਸੂਰਜ  ਚੜ੍ਹਾਏ  ਜਾਣਗੇ


ਵਗਦੀਆਂ  ਪੌਣਾਂ  ਨੂੰ  ਹੋਈ  ਕੈਦ  ਤੇ ਅੱਗਾਂ ਬਰੀ

ਫੈਸਲੇ  ਹੁਣ  ਇਸ  ਤਰ੍ਹਾਂ  ਏਥੇ  ਸੁਣਾਏ ਜਾਣਗੇ

ਕੀ  ਪਤਾ  ਕਿੰਨੇਂ  ਵਸੇਬੇ  ਜਾਣਗੇ  ਉੱਜੜ  ਉਦੋਂ

ਬਸਤੀਆਂ ਖਾਤਰ ਜਦੋਂ ਜੰਗਲ ਕਟਾਏ ਜਾਣਗੇ

ਯਾਦ  ਰੱਖ  ਓਨਹੀ  ਕੰਡੇ  ਪੈਣਗੇ ਚੁਗਣੇ  ਕਦੇ

ਤੇਰਿਆਂ ਰਾਹਾਂ ਚ ਜਿੰਨੇ ਫੁੱਲ ਵਿਛਾਏ ਜਾਣਗੇ। 



Sunday, June 24, 2018

ਗ਼ਜ਼ਲ

ਫੁੱਲ ਵਾਂਗੂੰ ਓਸ ਨੇ ਹੀ ਟਹਿਕਣਾ ਇਸ ਦੌਰ ਵਿਚ।
ਜਾਣਦੈ ਜੋ ਸੂਲੀਆਂ ਨੂੰ ਚੁੰਮਣਾ ਇਸ ਦੌਰ ਵਿਚ।
ਹਰ ਕਦਮ 'ਤੇ ਲਟਕਦੇ ਨੇ ਖੂਬਸੂਰਤ ਪਿੰਜਰੇ,
ਭੁੱਲ ਗਿਆ ਪੰਛੀ ਵਿਚਾਰਾ ਆਲ੍ਹਣਾ ਇਸ ਦੌਰ ਵਿਚ।
ਸਿਦਕ ਹੈ, ਈਮਾਨ ਹੈ, ਸਾਡੀ ਤਲੀ 'ਤੇ ਜਾਨ ਹੈ,
ਪਰਖ ਲੈ, ਜੋ ਪਰਖਣੈ ਤੂੰ ਦੁਸ਼ਮਣਾ ਇਸ ਦੌਰ ਵਿਚ।
ਦੋਸ਼ ਪੱਥਰ ਦਾ ਨਹੀਂ ਤੇ ਨਾ ਕਿਸੇ ਵੀ ਫੁੱਲ ਦਾ
ਸ਼ੀਸ਼ਿਆਂ ਤਾਂ ਤਿੜਕਣਾ ਹੀ ਤਿੜਕਣਾ ਇਸ ਦੌਰ ਵਿਚ।
ਕੀ ਭਰੋਸਾ ਏਸ ਜੰਗਲ ਦੇ ਸਦੀਵੀ ਹੋਣ ਦਾ
ਝੂਮਦੇ ਬਿਰਖਾਂ ਅਚਾਨਕ ਡਿੱਗਣਾ ਇਸ ਦੌਰ ਵਿਚ।
ਕੌਣ ਹੈ ਇਹ,ਕਿਸ ਨੇ ਸਾਡੇ ਮੱਥਿਆਂ ਤੇ ਉਕਰਿਐ?
ਗਿੱਲੇ ਗੋਹੇ ਵਾਂਗ ਹਰ ਪਲ ਸੁਲਘਣਾ ਇਸ ਦੌਰ ਵਿਚ
ਹੂਕ ਹੈ, ਵੈਰਾਗ ਹੈ, ਇਕ ਰਾਗ ਹੈ ਪਰ ਸਾਜ਼ ਨਾ,
ਗੀਤ ਦਾ ਇਹ ਦਰਦ ਕਿਸ ਨੇ ਸਮਝਣਾ ਇਸ ਦੌਰ ਵਿਚ।
ਮੌਸਮਾਂ ਦਾ ਕਹਿਰ ਹੈ, ਸੂਲਾਂ ਦੀ ਤਿੱਖੀ ਜ਼ਹਿਰ ਹੈ,
ਫੇਰ ਵੀ ਫੁੱਲਾਂ ਨੇ ਹਰਦਮ ਮਹਿਕਣਾ ਇਸ ਦੌਰ ਵਿਚ।

Saturday, August 26, 2017

ਗ਼ਜ਼ਲ

ਰਾਹਬਰੀ  ਦੇ  ਪੂਜ  ਕੇ ਨਿੱਤ ਪੱਥਰ ਨਵੇਂ-ਨਵੇਂ। 
ਗਾਹੁਣਾ ਚਾਹੇ ਆਦਮੀ ਨਿੱਤ ਅੰਬਰ ਨਵੇਂ-ਨਵੇਂ। 

ਸੁਪਨਿਆਂ  ਵਿਚ  ਵੇਖਦਾ  ਹਾਂ ਮੰਜ਼ਰ ਨਵੇਂ-ਨਵੇਂ। 
ਅੱਖ  ਖੁੱਲ੍ਹੇ  ਨਜ਼ਰ  ਆਵਣ   ਖੰਡਰ  ਨਵੇਂ  ਨਵੇਂ।

ਹੁਣ  ਪੁਰਾਣੇ  ਯਾਰ  ਦਾ ਖ਼ਤ ਮਿਲਦਾ ਜਦੋਂ ਕਦੇ, 
ਮੇਰੀਆਂ  ਅੱਖਾਂ  'ਚ  ਚੁਭਦੇ  ਅੱਖਰ  ਨਵੇਂ - ਨਵੇਂ। 

ਤੂੰ ਹੀ ਦੱਸ ਕਿ ਕਿਹੜੇ ਦਰ 'ਤੇ ਦਸਤਕ ਦਿਆਂ ਮੈਂ ਯਾਰ,
ਉੱਗੇ  ਨੇ  ਹਰ   ਦੇਹਲੀ  ਉਤੇ  ਖੰਜਰ  ਨਵੇਂ  ਨਵੇਂ। 

ਭਟਕਣਾ ਦੇ  ਦੌਰ  ਦਾ  ਅੰਤ ਦਿਸਦਾ  ਨਹੀਂ ਕਿਤੇ, 
ਹਰ ਕਦਮ 'ਤੇ ਬਣ ਰਹੇ  ਨੇ  ਰਾਹਬਰ ਨਵੇਂ-ਨਵੇਂ। 
  
ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾਂ ਜਦੋਂ ਵੀ 'ਮਾਨ',
ਜ਼ਿਹਨ  ਵਿਚ  ਵਜਦੇ  ਬੜੇ  ਨੇ  ਪੱਥਰ  ਨਵੇਂ - ਨਵੇਂ।
                                        ਹਰਦਮ ਸਿੰਘ ਮਾਨ